ਸੈਂਟਰਲ ਮਾਝਾ ਖ਼ਾਲਸਾ ਦੀਵਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈਂਟਰਲ ਮਾਝਾ ਖ਼ਾਲਸਾ ਦੀਵਾਨ : ਜੋ ਸ਼੍ਰੋਮਣੀ ਪੰਥ ਮਿਲੌਣੀ ਜਥਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਈ ਖੇਤਰੀ ਜਥੇਬੰਦੀਆਂ ਵਿਚੋਂ ਇਕ ਸੀ ਜਿਹੜੀਆਂ 1920 ਦੇ ਗੁਰਦੁਆਰਾ ਸੁਧਾਰ ਲਹਿਰ ਦੇ ਅੰਤ ਵਿਚ ਹੋੱਦ ਵਿਚ ਆਈਆਂ ਸਨ

ਇਕ ਖ਼ਾਲਸਾ ਦੀਵਾਨ ਮਾਝੇ ਦੇ ਖੇਤਰ ਵਿਚ ਦਰ ਅਸਲ 1904 ਵਿਚ ਸਥਾਪਿਤ ਹੋ ਚੁਕਿਆ ਸੀ, ਪਰੰਤੂ ਇਹ ਤਿੰਨ ਸਾਲ ਪਿੱਛੋਂ ਚੀਫ਼ ਖ਼ਾਲਸਾ ਦੀਵਾਨ ਨਾਲ ਮਿਲ ਗਿਆ ਸੀ। 1918 ਵਿਚ ਇਸ ਦੇ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਦੇ ਤੌਰ ਤੇ ਮੁੜ ਸੁਰਜੀਤ ਹੋਣ ਤੇ ਇਸ ਦਾ ਮੁੱਖ ਤੌਰ ਤੇ ਸੰਬੰਧ ਸਿੱਖ ਪਵਿੱਤਰ ਖਾਸ ਕਰਕੇ ਤਰਨ ਤਾਰਨ ਅਤੇ ਅੰਮ੍ਰਿਤਸਰ ਵਿਚ ਸੁਧਾਰ ਕਰਨਾ ਸੀ। ਅੰਮ੍ਰਿਤਸਰ ਦੇ ਨੇੜੇ ਕੀਰਤਨਗੜ੍ਹ ਵਿਖੇ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਦਾ ਮੁੱਖ ਦਫ਼ਤਰ ਸੀ ਅਤੇ ਇਸਨੇ ਕੇਂਦਰੀ ਮਾਝਾ ਦੇ ਲਾਹੌਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਵਿਚ 1200 ਤੋਂ ਵੱਧ ਅੰਮ੍ਰਿਤਧਾਰੀ ਸਿੱਖਾਂ ਦੀ ਮੈਂਬਰੀ ਬਣਾਈ। ਦੀਵਾਨ ਕੋਲ ਕਾਲਜੀਏਟ ਕਾਰਜਕਾਰਨੀ ਦੇ ਪੰਜ ਪਿਆਰੇ ਸਨ ਜੋ ਹਰ ਸਾਲ ਮਾਰਚ ਦੇ ਮਹੀਨੇ ਵਿਚ ਇਕ ਸਾਂਝੀ ਮੀਟਿੰਗ ਦੁਆਰਾ ਚੁਣੇ ਜਾਂਦੇ ਸਨ।ਕੇਂਦਰੀ ਮਾਝੇ ਤੋਂ ਬਾਹਰ ਦੇ ਨੇਤਾ ਜਿਵੇਂ ਕਿ ਸ਼ੇਖੂਪੁਰਾ ਬਾਰ ਤੋਂ ਕਰਤਾਰ ਸਿੰਘ ਝੱਬਰ ਅਤੇ ਦੁਆਬੇ ਤੋਂ ਮਾਸਟਰ ਮੋਤਾ ਸਿੰਘ ਦੁਆਬਾ ਨੇ ਹਿਮਾਇਤ ਦਿੱਤੀ ਅਤੇ ਦੀਵਾਨ ਦੀਆਂ ਮੀਟਿੰਗਾਂ ਵਿਚ ਹਿੱਸਾ ਲਿਆ। ਜਥੇਦਾਰ ਤੇਜਾ ਸਿੰਘ ਭੁੱਚਰ ਅਤੇ ਝਬਾਲ ਭਰਾ ਅਮਰ ਸਿੰਘ , ਸਰਮੁਖ ਸਿੰਘ ਅਤੇ ਜਸਵੰਤ ਸਿੰਘ ਇਸਦੇ ਆਪਣੇ ਪ੍ਰਮੁਖ ਨੇਤਾਵਾਂ ਵਿਚੋਂ ਸਨ।

    ਮਹੱਤਵਪੂਰਨ ਸਿੱਖ ਵਰ੍ਹੇ ਗੰਢਾਂ ਅਤੇ ਹੋਰ ਉਤਸਵਾਂ ਤੇ ਵੱਖ-ਵੱਖ ਥਾਵਾਂ ਤੇ ਧਾਰਮਿਕ ਦੀਵਾਨ ਸਜਾਉਣਾ, ਅਖੰਡਪਾਠਾਂ, ਅੰਮ੍ਰਿਤ ਛਕਾਉਣ ਸੰਸਕਾਰ ਅਤੇ ਵਿਆਹਾਂ ਆਦਿ ਦੇ ਮੌਕਿਆਂ ਤੇ ਗ੍ਰੰਥੀਆਂ, ਰਾਗੀਆਂ ਅਤੇ ਪ੍ਰਚਾਰਕਾਂ ਦੀਆਂ ਸੇਵਾਵਾਂ ਉਪਲਬਧ ਕਰਾਉਣਾ ਦੀਵਾਨ ਦਾ ਮੁੱਖ ਕੰਮ ਸੀ। ਤਰਨ ਤਾਰਨ ਵਿਖੇ ਦਰਬਾਰ ਸਾਹਿਬ ਦੇ ਅਹਾਤੇ ਵਿਚ ਮਹੀਨੇ ਦੇ ਹਨੇਰੇ ਪੱਖ ਦੇ ਅਖੀਰਲੇ ਦਿਨ ਨੂੰ ਅਮਾਵਸ ਤੇ ਦੀਵਾਨ ਸਜਾਉਣਾ ਮਹੀਨੇ ਦਾ ਨਿਯਮਿਤ ਸਮਾਗਮ ਸੀ। ਦੀਵਾਨ ਵਿਚ ਭਾਸ਼ਣਾਂ ਦਾ ਮੁੱਖ ਮਨੋਰਥ ਸਿੱਖ ਸੰਗਤ ਵਿਚ ਘਰ ਕਰ ਗਏ ਵਾਧੂ ਰਸਮੋਂ ਰਿਵਾਜਾਂ ਅਤੇ ਅੰਧ ਵਿਸ਼ਵਾਸਾਂ ਦਾ ਖੰਡਨ ਕਰਨਾ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਆਈਆਂ ਬੇਕਾਇਦਗੀਆਂ ਦਾ ਖੰਡਨ ਕਰਨਾ ਸੀ। ਗੁਰਦੁਆਰਿਆਂ ਦੇ ਪੁਜਾਰੀਆਂ ਨੇ ਇਸ ਸੁਧਾਰਵਾਦੀ ਪ੍ਰਚਾਰ ਦਾ ਵਿਰੋਧ ਕੀਤਾ। ਉਹਨਾਂ ਦੀ ਲਗਾਤਾਰ ਵਿਰੋਧਤਾ ਨੇ ਸੈਂਟਰਲ ਮਾਝਾ ਦੀਵਾਨ ਨੂੰ ਤਰਨ ਤਾਰਨ ਵਿਚ ਦਰਬਾਰ ਸਾਹਿਬ ਤੋਂ ਨੇੜੇ ਦੇ ਇਕ ਬੁੰਗੇ ਵਿਚ ਆਪਣਾ ਮਾਸਿਕ ਪ੍ਰੋਗਰਾਮ ਤਬਦੀਲ ਕਰਨ ਲਈ ਮਜਬੂਰ ਕਰ ਦਿੱਤਾ।

    ਮਾਰਚ 1919 ਵਿਚ ਭੁੱਚਰ ਪਿੰਡ ਵਿਚ ਇਸਦੇ ਸਾਲਾਨਾ ਸਮਾਗਮ ਵਿਚ ਤੇਜਾ ਸਿੰਘ ਭੁੱਚਰ ਨੁੰ ਜਥੇਦਾਰ ਥਾਪਿਆ ਗਿਆ ਅਤੇ ਉਸਦੀ ਮਦਦ ਲਈ ਚਾਰ ਵਿਅਕਤੀ ਹੋਰ ਲਗਾ ਦਿੱਤੇ ਗਏ।ਕੁਝ ਹਫਤੇ ਪਿੱਛੋਂ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਵਿਚ ਜਲਿਆਂਵਾਲਾ ਬਾਗ ਦਾ ਦੁਖਾਂਤ ਵਾਪਰ ਗਿਆ ਜਿਸ ਨਾਲ ਦੇਸ਼ ਵਿਚ ਗੁੱਸੇ ਅਤੇ ਸੋਗ ਦੀ ਲਹਿਰ ਫੈਲ ਗਈ। ਸਿੱਖਾਂ ਨੂੰ ਇਕ ਹੋਰ ਸੱਟ ਵੱਜੀ ਜਦੋਂ ਉਨਾਂ ਨੂੰ ਪਤਾ ਲਗਾ ਕਿ ਅੰਮ੍ਰਿਤਸਰ ਵਿਚ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਦੇ ਪੁਜਾਰੀਆਂ ਅਤੇ ਸਰਬਰਾਹ ਜਾਂ ਮੈਨੇਜਰ ਨੇ ਸਨਮਾਨਿਤ ਕੀਤਾ ਅਤੇ ਪੰਜਾਬ ਦੇ ਲੈਫਟੀਨੈਂਟ-ਗਵਰਨਰ ਸਰ ਮਾਈਕਲ ਉਡਵਾਇਰ ਨੂੰ ਜੀ ਆਇਆਂ ਕਹਿਣ ਲਈ ਸਵਾਗਤੀ ਭਾਸ਼ਣ ਪੜ੍ਹਿਆ ਗਿਆ ਹੈ। ਸਰਬਰਾਹ ਦੇ ਖਿਲਾਫ਼ ਆਮ ਲੋਕਾਂ ਨੇ ਵਿਦਰੋਹ ਖੜ੍ਹਾ ਕਰ ਦਿੱਤਾ। ਸੈਂਟਰਲ ਮਾਝਾ ਖਾਲਸਾ ਦੀਵਾਨ ਨੇ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਉਹਨਾਂ ਸਾਰੇ ਸਿੱਖਾਂ ਦੇ ਸਮਾਜਿਕ ਬਾਈਕਾਟ ਦੀ ਸਲਾਹ ਦਿੱਤੀ ਜਿਨ੍ਹਾਂ ਨੇ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਜਾਂ ਲੈਫਟੀਨੈਂਟ-ਗਵਰਨਰ ਨੂੰ ਜੀ ਆਇਆਂ ਕਹਿਣ ਵਿਚ ਹਿੱਸਾ ਲਿਆ ਸੀ।

    ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਨੇ ਸਭ ਤੋਂ ਪਹਿਲਾਂ ਇਸ ਵਿਚ ਹਿੱਸਾ ਲਿਆ। ਇਸ ਦੇ ਨੇਤਾ ਜਥੇਦਾਰ ਤੇਜਾ ਸਿੰਘ ਭੁੱਚਰ ਅਤੇ ਅਮਰ ਸਿੰਘ ਝਬਾਲ 25 ਸਿੰਘਾਂ ਦੇ ਜਥੇ ਨਾਲ ਸਿਆਲਕੋਟ ਪਹੁੰਚੇ ਅਤੇ 5-6 ਅਕਤੂਬਰ 1920 ਨੂੰ ਗੁਰਦੁਆਰਾ ਬਾਬੇ ਦੀ ਬੇਰ ਨੂੰ ਅਜ਼ਾਦ ਕਰਵਾ ਲਿਆ।ਜਦੋਂ ਉਸੇ ਸਾਲ ਹੀ 12 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸੁਧਾਰਵਾਦੀਆਂ ਦੇ ਪ੍ਰਬੰਧ ਵਿਚ ਆ ਗਿਆ ਤਾਂ ਸੈਂਟਰਲ ਮਾਝਾ ਦੀਵਾਨ ਨੇ ਇਸਦਾ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ ਅਤੇ ਤੇਜਾ ਸਿੰਘ ਭੱਚਰ ਇਸਦਾ ਪਹਿਲਾ ਜਥੇਦਾਰ ਬਣਿਆ। ਅਮਰ ਸਿੰਘ ਝਬਾਲ ਕਰਤਾਰ ਸਿੰਘ ਝਬਾਲ ਨਾਲ ਨਵੰਬਰ 1920 ਨੂੰ ਹਸਨ ਅਬਦਾਲ ਵਿਖੇ ਗੁਰਦੁਆਰਾ ਪੰਜਾ ਸਾਹਿਬ ਨੂੰ ਅਜ਼ਾਦ ਕਰਾਉਣ ਲਈ ਚੱਲ ਪਏ। ਨਵੰਬਰ 1920 ਦੇ ਅੰਤ ਤਕ ਪਿਸ਼ਾਵਰ ਵਿਖੇ ‘ਗੁਰਦੁਆਰਾ ਭਾਈ ਜੋਗਾ ਸਿੰਘ ਤੇਜਾ ਸਿੰਘ’, ਭੁੱਚਰ ਦੀ ਹਿੰਮਤ ਨਾਲ ਕਬਜ਼ੇ ਵਿਚ ਕਰ ਲਿਆ ਗਿਆ।

    ਸੈਂਟਰਲ ਮਾਝਾ ਖ਼ਾਲਸਾ ਦੀਵਾਨ ਨੇ ਪਹਿਲੀ ਸੰਸਾਰ ਜੰਗ ਦੇ ਅੰਤ ਤੇ ਗੁਰਦੁਆਰਾ ਰਕਾਬਗੰਜ ਦੀ ਲਹਿਰ ਨੂੰ ਪੂਰੀ ਮਦਦ ਦਿੱਤੀ। ਸਰਦੂਲ ਸਿੰਘ ਕਵੀਸ਼ਰ ਨੇ ਅਕਾਲੀ ਅਖ਼ਬਾਰ ਰਾਹੀਂ ਦਿੱਲੀ ਜਾਣ ਹਿਤ 100 ਸਿੰਘਾਂ ਦੇ ਸ਼ਹੀਦੀ ਜਥੇ ਦੀ ਮੰਗ ਕੀਤੀ ਜਿਹੜਾ ਦਿੱਲੀ ਜਾਕੇ 1 ਦਸੰਬਰ 1920 ਨੂੰ ਗੁਰਦੁਆਰਾ ਰਕਾਬਗੰਜ ਦੀ ਢਾਹੀ ਗਈ ਕੰਧ ਦੁਬਾਰਾ ਬਣਾਏਗਾ।ਝਬਾਲ ਭਰਾਵਾਂ ਨੇ ਇਸ ਤਜਵੀਜ਼ ਨੂੰ ਤਸਦੀਕ ਕਰ ਦਿੱਤਾ ਅਤੇ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਦੇ ਸਮਾਗਮ ਤੇ ਇਹ ਮੰਗ ਦੁਹਰਾਈ ਅਤੇ ਜਥੇ ਲਈ ਵਲੰਟੀਅਰਾਂ ਦੇ ਨਾਮ ਦਰਜ ਕਰ ਲਏ। ਸਰਕਾਰ ਨੇ ਜਥੇ ਦੇ ਆਉਣ ਤੋਂ ਪਹਿਲਾਂ ਹੀ ਕੰਧ ਦੁਬਾਰਾ ਬਣਾ ਦਿੱਤੀ ਸੀ। ਜਦੋਂ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ , ਖੇਤਰੀ ਗੁਟਾਂ ਦੇ ਕੰਮ ਦੇ ਮੇਲ ਜੋਲ ਲਈ ਬਣਾਇਆ ਗਿਆ ਤਾਂ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਦੇ ਸਰਮੁਖ ਸਿੰਘ ਝਬਾਲ ਨੂੰ ਇਸ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ।

    ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਪ੍ਰਬੰਧ ਦੇ ਸੁਧਾਰ ਦਾ ਮਸਲਾ ਖ਼ਾਲਸਾ ਦੀਵਾਨ ਮਾਝਾ (1904-07) ਦੇ ਸਮੇਂ ਤੋਂ ਹੀ ਮੁੱਖ ਮਸਲਾ ਸੀ। 26 ਜਨਵਰੀ 1921 ਨੂੰ ਜਥੇਦਾਰ ਤੇਜਾ ਸਿੰਘ ਭੁੱਚਰ 40 ਵਲੰਟੀਅਰਾਂ ਦਾ ਇਕ ਜਥਾ ਲੈ ਕੇ ਤਰਨ ਤਾਰਨ ਗਿਆ। ਭਾਈ ਮੋਹਨ ਸਿੰਘ ਵੈਦ ਦੇ ਵਿਚ ਪੈਣ ਨਾਲ ਸੁਧਾਰਵਾਦੀ ਅਕਾਲੀਆਂ ਅਤੇ ਗੁਰਦਆਰੇ ਤੇ ਕਾਬਜ਼ ਪੁਜਾਰੀਆਂ ਵਿਚਕਾਰ ਗਲਬਾਤ ਸ਼ੁਰੂ ਹੋ ਗਈ, ਪਰੰਤੂ ਇਸ ਦਾ ਕੋਈ ਸਿੱਟਾ ਨਾ ਨਿਕਲਿਆ। ਪੁਜਾਰੀਆਂ ਨੇ ਸ਼ਕਤੀ ਦੀ ਵਰਤੋਂ ਕੀਤੀ ਅਤੇ ਸ਼ਾਮ ਨੂੰ ਅਚਾਨਕ ਮਾਰੂ ਹਥਿਆਰਾਂ ਨਾਲ ਭੁੱਚਰ ਦੇ ਜਥੇ ਉੱਪਰ ਟੁੱਟ ਪਏ। 19 ਅਕਾਲੀ ਜਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਬਾਅਦ ਵਿਚ ਮਰ ਗਏ। ਇਹਨਾਂ ਪਹਿਲੇ ਦੋ ਸ਼ਹੀਦਾਂ ਵਿਚੋਂ ਜਿਹੜੇ ਗੁਰਦੁਆਰਾ ਸੁਧਾਰ ਦੇ ਸੰਬੰਧ ਵਿਚ ਸ਼ਹੀਦ ਹੋਏ ਗੁਰਦਾਸਪੁਰ ਜਿਲੇ ਦੇ ਪਿੰਡ ਵਸਾਊ-ਕੋਟ ਦਾ ਭਾਈ ਹੁਕਮ ਸਿੰਘ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਦਾ ਮੈਂਬਰ ਸੀ। ਦਰਬਾਰ ਸਾਹਿਬ ਤਰਨਤਾਰਨ ਅਕਾਲੀ ਪ੍ਰਬੰਧ ਹੇਠ ਆ ਗਿਆ।

    ਇਸ ਪਿੱਛੋਂ (20 ਫਰਵਰੀ 1921) ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਅਤੇ ਉਥੋਂ ਦੇ ਗੁਰਦਆਰੇ ਦਾ ਪ੍ਰਬੰਧ ਸੁਧਾਰਵਾਦੀਆਂ ਦੇ ਹੱਥ ਦਿੱਤਾ ਗਿਆ। ਸੈਂਟਰਲ ਮਾਝਾ ਖ਼ਾਲਸਾ ਦੀਵਾਨ ਨੇ ਆਪਣੇ ਵਲੰਟੀਅਰਾਂ ਨੂੰ ਕਈ ਮਹੀਨੇ ਨਨਕਾਣਾ ਸਾਹਿਬ ਗੁਰਦੁਆਰਾ ਪ੍ਰਬੰਧ ਦੀ ਮਦਦ ਕਰਨ ਲਈ ਲਗਾਈ ਰੱਖਿਆ। ਇਥੇ ਹੀ ਮਾਰਚ 1921 ਦੀ ਇਕ ਮੀਟਿੰਗ ਵਿਚ ਮਾਝਾ ਦੀਵਾਨ ਨੇ ਇਕ ਮਤਾ ਪਾਸ ਕੀਤਾ ਜਿਸ ਨਾਲ ਇਸ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਾ ਲਿਆ। ਇਸ ਨੇ ਨਾ-ਮਿਲਵਰਤਣ ਦਾ ਮਤਾ ਵੀ ਪਾਸ ਕਰ ਦਿੱਤਾ ਅਤੇ ਆਪਣੇ ਮੈਂਬਰਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚੋਂ ਹਟਾ ਲੈਣ ਲਈ ਕਿਹਾ। ਇਸਦੇ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਣ ਦੇ ਬਾਵਜੂਦ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਨੇ ਆਪਣੀ ਖੁਦਮੁਖਤਾਰ ਹੋਂਦ ਬਣਾਈ ਰੱਖੀ। ਅਪ੍ਰੈਲ 1921 ਵਿਚ ਇਸਦੀਆਂ ਸਲਾਨਾ ਚੋਣਾਂ ਵਿਚ ਸਰਮੁਖ ਸਿੰਘ ਝਬਾਲ ਚਾਰ ਹੋਰ ਮੈਂਬਰਾਂ ਨਾਲ ਜਥੇਦਾਰ ਚੁਣੇ ਗਏ। ਦੀਵਾਨ ਦੇ ਮੈਂਬਰ ਬਦਚਲਣ ਪੁਜਾਰੀ ਜਥੇ ਦੇ ਕਬਜ਼ੇ ਵਿਚੋਂ ਸਿੱਖ ਗੁਰਦੁਆਰਿਆਂ ਨੂੰ ਮੁਕਤ ਕਰਾਉਣ ਲਈ ਅਕਾਲੀਆਂ ਦੀ ਮੁਹਿੰਮ ਵਿਚ ਹਿੱਸਾ ਲੈਂਦੇ ਰਹੇ। ਗੁਰੂ ਕਾ ਬਾਗ ਮੋਰਚਾ ਸਮੇਂ ਦੀਵਾਨ ਨੇ ਸ਼ਾਂਤ ਰਹਿ ਕੇ ਤਸ਼ੱਦਦ ਸਹਿਣ ਲਈ ਖਾਧੀ ਸੌਂਹ ਤਹਿਤ 110 ਵਲੰਟੀਅਰਾਂ ਦਾ ਜਥਾ 1 ਸਤੰਬਰ 1922 ਨੂੰ ਪੁਲੀਸ ਹੱਥੋਂ ਕੁੱਟ ਖਾਣ ਲਈ ਭੇਜਿਆ।

    ਸ਼੍ਰੋਮਣੀ ਅਕਾਲੀ ਦਲ ਦੇ ਇਕ ਸਮਰੱਥ ਰਾਜਨੀਤਿਕ ਪਾਰਟੀ ਦੇ ਰੂਪ ਵਿਚ ਹੋਂਦ ਵਿਚ ਆਉਣ ਨਾਲ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਦੂਸਰੀਆਂ ਖੇਤਰੀ ਪਾਰਟੀਆਂ ਦੀ ਤਰ੍ਹਾਂ ਆਪਣੀ ਵਕਤੀ-ਲੋੜ ਗਵਾ ਬੈਠਾ। ਕੁਝ ਮੈਂਬਰ ਤਾਂ ਇਸ ਨੂੰ ਬਿਲਕੁਲ ਹੀ ਛੱਡ ਗਏ ਜਦੋਂ ਕਿ ਬਾਕੀ ਦੇ ਜਿਲਾ ਅਕਾਲੀ ਜਥਿਆਂ ਵਿਚ ਮਿਲ ਗਏ ਜਿਨ੍ਹਾਂ ਮਿਲਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਾਖਾਵਾਂ ਬਣਾਈਆਂ। ਫਿਰ ਵੀ ਕੁਝ ਬਚ ਗਏ ਲੋਗ ਪੁਰਾਣੇ ਝੰਡੇ ਹੇਠ ਤਰਨ ਤਾਰਨ ਵਿਖੇ ਹਰ ਮਹੀਨੇ ਦੀ ਮੱਸਿਆ ਤੇ ਸੰਗਤ ਰੂਪ ਵਿਚ ਜੁੜਨ ਦੇ ਪੁਰਾਣੇ ਅਸੂਲ ਤੇ ਪੱਕੇ ਰਹੇ।


ਲੇਖਕ : ਜ.ਜ.ਸ ਅਤੇ ਅਨੁ. ਗ.ਨ.ਸ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.